ਬਿਰਧ ਆਸ਼ਰਮਾਂ ‘ਚੋਂ ਉੱਠਦੀ ਹੂਕ’

ਪਤਝੜ !!! ਬੇਜਾਨ, ਬੇਰੰਗੇ ਪੀਲੇ ਪੱਤਿਆਂ ਦਾ ਆਪਣੀਆਂ ਟਾਹਣੀਆਂ ਨਾਲੋਂ ਵਿਛੜਨ ਦਾ ਮੌਸਮ; ਆਪਣਿਆਂ ਤੋਂ ‘ਤੇ ਆਪਣੀਆਂ ਜੜ੍ਹਾਂ ਤੋਂ ਦੂਰ ਹੋਣ ਦੇ ਦਰਦ ਦਾ ਮੌਸਮ. ਕਿੰਨੀ ਟੀਸ ਉੱਠਦੀ ਹੈ ਮਨ ਵਿੱਚ ਕਿਸੇ ਤੋਂ ਵਿਛੜਨ ਵੇਲੇ. ਇਸ ਪੀੜ ਦਾ, ਇਸ ਤੜਪ ਦਾ ਅਹਿਸਾਸ ਤਾਂ ਟਾਹਣੀੳਂ ਵੱਖ ਹੋਣ ਵਾਲਾ ਪੱਤਾ ਹੀ ਦੱਸ ਸਕਦਾ ਹੈ.

ਅਜਿਹੀ ਹੀ ਇੱਕ ਪਤਝੜ ਮਨੁੱਖੀ ਜੀਵਨ ਵਿੱਚ ਵੀ ਆਉਂਦੀ ਹੈ. ਜੀਵਨ ਦੀ ਬਸੰਤ ਹੰਢਾਉਣ ਤੋਂ ਬਾਅਦ ਪਤਝੜ ਦੇ ਇਸ ਮੌਸਮ ਦੀ ਦਸਤਕ ਭਾਵੇਂ ਕੁਝ ਚੰਗੇ ਲੇਖਾਂ ਵਾਲਿਆਂ ਲਈ ਸੁਖਦਾਈ ਅਨੁਭਵ ਹੋਵੇ ਪਰ ਬਹੁਤ ਸਾਰੇ ਅਜਿਹੇ ਵੀ ਨੇ ਜਿਨ੍ਹਾਂ ਦੀ ਝੋਲੀ ਜੀਵਨ ਦੀ ਇਸ ਪਤਝੜ ਨੇ ਸਿਵਾਏ ਦਰਦ ਦੇ, ਹੰਝੂਆਂ ਦੇ ‘ਤੇ ਕਦੇ ਨਾ ਪੂਰੀ ਹੋਣ ਵਾਲੀ ਉਮੀਦ ਦੇ ਹੋਰ ਕੁਝ ਵੀ ਨਹੀਂ ਪਾਇਆ.

ਪਿਛਲੇ ਦਿਨੀਂ ਇੱਕ ਬਿਰਧ ਘਰ ਜਾਣ ਦਾ ਮੌਕਾ ਮਿਲਿਆ. ਜਾਂ ਫਿਰ ਇੳਂ ਕਹੋ ਕਿ ਇਹ ਮੌਕਾ ਸਾਡੀ ਬੇਟੀ ਨੇ ਸਾਨੂੰ ਦਿੱਤਾ . ਦਾਦੀ ਦਾਦੇ ਦੇ ਪਿਆਰ ਤੋਂ ਵਾਂਝੀ ਮੇਰੀ ਬੇਟੀ ਇਸ ਸੁੱਖ ਦੀ ਕਾਮਨਾ ਅਕਸਰ ਕਰਦੀ. ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਉਸਦੇ ਦਾਦਾ ਦਾਦੀ ਅਤੇ ਨਾਨਾ ਨਾਨੀ ਦੀ ਘਾਟ ਨੂੰ ਪੂਰਾ ਕਰਨ ਲਈ ਅਤੇ ਉਸਨੂੰ ਉਹਨਾ ਦੇ ਨਿਰਛਲ ਪਿਆਰ ਦੇ ਅਹਿਸਾਸ ਤੋਂ ਜਾਣੂ ਕਰਵਾਉਣ ਲਈ ਨੇੜੇ ਹੀ ਪੈਂਦੇ ਇੱਕ ‘ਬਿਰਧ ਘਰ ਲੈ ਗਏ.

‘ਬਿਰਧ ਘਰ ‘. .ਆਸਾਂ ਤੇ ਉਮੀਦਾਂ ਤੋਂ ਪਰ੍ਹੇ ਇੱਕ ਦੁਨੀਆਂ. ਇੱਥੇ ਜਿਉਣ ਲਈ ਨਾ ਕੋਈ ਸ਼ਰਤ ‘ਤੇ ਨਾ ਹੀ ਪਿਆਰ ਪ੍ਰਾਪਤੀ ਲਈ ਫਜ਼ੂਲ ਦੇ ਬਣੇ ਕਾਇਦੇ ਕਾਨੂੰਨ. ਇੱਥੇ ਸੁਫਨੇ ‘ਤੇ ਖਾਹਿਸ਼ਾਂ ਜਨਮ ਨਹੀਂ ਲੈਂਦੀਆਂ. ਇੱਥੇ ਰਹਿਣ ਵਾਲਾ ਹਰ ਬਾਸ਼ਿੰਦਾ ਉਮੀਦਾਂ ਦੇ ਟੁੱਟਣ ਦਾ ਦੁੱਖ, ਰਿਸ਼ਤਿਆਂ ਦੇ ਨਿੱਘ ‘ਤੇ ਮਨ ਦੀ ਘੁਟਨ ਨੂੰ ਭੁਲਾਉਣ ਦੀ ਨਾਕਾਮ ਕੋਸ਼ਿਸ਼ ਵਿੱਚ ਰੁੱਝਿਆ ਨਜਰ ਆਉਂਦਾ ਹੈ.ਆਪਣੀਆਂ ਜਿੰਮੇਵਾਰੀਆਂ ਨੂੰ ਨਜਿੱਠਣ ‘ਤੇ ਆਪਣੇ ਆਪ ਨੂੰ ਫਰਜਾਂ ਦੀ ਭੱਠੀ ਵਿੱਚ ਭਸਮ ਕਰਨ ਤੋਂ ਬਾਅਦ ਜੋ ਬਾਕੀ ਬਚਿਆ ਬਸ ਉਹੀ ਹੈ ਇਹਨਾਂ ਦਾ ਜੀਵਨ.

ਇੱਥੇ ਵੱਸਦੇ ਹਰ ਬਜ਼ੁਰਗ ਦੀਆਂ ਅੱਥਰੂ ਭਿੱਜੀਆਂ ਅੱਖਾਂ ਵਿੱਚੋਂ ਸਹਿਜੇ ਹੀ ਉਸਦਾ ਭਰਿਆ ਪੁਰਿਆ ਪਰਿਵਾਰ ਦਿਸਣ ਲੱਗ ਪੈਂਦਾ ਹੈ. ਬਹੁਤ ਔਖਾ ਹੈ ਇਹਨਾਂ ਦੇ ਦਿਲ ਦੇ ਦਰਦ ਨੂੰ ਬੁੱਲ੍ਹਾਂ ਤੱਕ ਲੈ ਕੇ ਆਉਣਾ. ਇਸ ਤੋਂ ਵੀ ਔਖਾ ਹੈ ਉਸ ਦਰਦ ਨੂੰ ਸਹਿਣਾ ਜੋ ਇਹਨਾਂ ਦੀਆਂ ਮੁਰਝਾਈਆਂ ਅੱਖਾਂ ਵਿੱਚ ਉਭਰਦਾ ਹੈ ਆਪਣੇ ਪਰਿਵਾਰ ਨੂੰ ਯਾਦ ਕਰਕੇ . ਚਿਪਕੀਆਂ ਅੱਖਾਂ ਵਿੱਚ ਦਿਸਦੇ ਉਹਨਾਂ ਦੇ ਪੋਤਰੇ ਪੋਤਰੀਆਂ ਨੂੰ ਗੋਦੀ ‘ਚ ਖਿਡਾਉਣ ਦੇ ‘ਤੇ ਰਾਜੇ ਰਾਣੀਆਂ ਦੀਆਂ ਕਹਾਣੀਆਂ ਸੁਣਾ ਕੇ ਸੁਆਉਣ ਦੇ ਸੁਪਨੇ ਦਿਲ ਨੂੰ ਟੁੰਭਦੇ ਨੇ. ਰੋਟੀ ਪਾਣੀ ਢਿੱਡ ਤਾਂ ਭਰ ਦਿੰਦੇ ਨੇ ਪਰ ਆਪਣੇ ਢਿੱਡੋਂ ਜੰਮਿਆਂ ਦੇ ਪਿਆਰ ਦੀ ਭੁੱਖ ਨੂੰ ਕੌਣ ਪੂਰਾ ਕਰੇਗਾ?

ਆਪਣਿਆਂ ਤੋਂ ਦੂਰ ਜਾਣਾ ਸੌਖਾ ਨਹੀਂ ‘ਤੇ ਨਾ ਹੀ ਸੌਖਾ ਹੈ ਉਹਨਾਂ ਨੂੰ ਭੁੱਲ ਜਾਣਾ.ਔਲਾਦ ਮਾਪਿਆਂ ਲਈ ਵਰਦਾਨ ਹੈ.ਕਈਆਂ ਨੂੰ ਤਾਂ ਸੌ ਸੁੱਖਣਾ ਸੁੱਖ ਕੇ ਮਿਲਦਾ ਹੈ ਇਹ ਅਸੀਮ ਸੁੱਖ ਔਲਾਦ ਦੇ ਸੁੱਖ ਅਤੇ ਉੱਜਲੇ ਭਵਿੱਖ ਲਈ ਆਪਣਾ ਵਰਤਮਾਨ ਤੇ ਆਪਣੀਆਂ ਰੀਝਾਂ ਕੁਰਬਾਨ ਕਰ ਦੇਣ ਵਾਲੇ ਮਾਪਿਆਂ ਵੱਲੋਂ ਐਸੀ ਕਿਹੜੀ ਖੁਨਾਮੀ ਹੁੰਦੀ ਹੈ ਕਿ ਉਹ ਉਹਨਾਂ ਦੀਆਂ ਅੱਖਾਂ ਵਿੱਚ ਰੜਕਣ ਲੱਗ ਪੈਂਦੇ ਨੇ.

ਬਿਰਧ ਆਸ਼ਰਮਾਂ ਵਿੱਚ ਵਧ ਰਹੀ ਰਹੀ ਭੀੜ ਚਿੰਤਾ ਦਾ ਵਿਸ਼ਾ ਹੈ. ਕਾਰਣ ਕਈ ਨੇ. ਪਰਿਵਾਰ ਟੁੱਟ ਰਹੇ ਨੇ. ਬਜ਼ੁਰਗਾਂ ਨੂੰ ਘਰ ਵਿੱਚ ਹਕਾਰਤ ਦੀ ਨਜ਼ਰ ਨਾਲ ਵੇਖਿਆ ਜਾ ਰਿਹਾ ਹੈ ਅਤੇ ਉਹਨਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ.ਤਾਨੇ, ਮਿਹਣੇ..ਘਰ ਵਿੱਚ ਹੁੰਦਿਆਂ ਹੋਇਆਂ ਵੀ ਇਕੱਲਾਪਣ. ਬੱਚਿਆਂ ਦਾ ਵਿਦੇਸ਼ਾਂ ‘ਚ ਜਾ ਵੱਸਣਾਂ ਆਦਿ. ਬਾਕੀ ਕਾਰਨਾਂ ਦੇ ਨਾਲ ਨਾਲ ਇੱਕ ਹੋਰ ਮੁੱਖ ਕਾਰਣ ਜੋ ਉੱਭਰ ਕੇ ਆਇਆ ਹੈ ਉਹ ਹੈ ‘ਪੀੜ੍ਹੀ ਪਾੜਾ’ ਜਿਸਨੂੰ ਅਸੀ ‘ਜਨਰੇਸ਼ਨ ਗੈਪ’ ਕਰਕੇ ਵਧੇਰੇ ਜਾਣਦੇ ਹਾਂ. ਪੱਛਮੀ ਸੱਭਿਅਤਾ ਵੱਲ ਵਧੇਰੇ ਰੁਝਾਨ ਰੱਖਦੀ ਅਜੋਕੀ ਪੀੜ੍ਹੀ ਨੂੰ ਬਜੁਰਗ ਉਹਨਾਂ ਦੀ ਅਜਾਦ ਤਬੀਅਤੀ ਦੀ ਰਾਹ ਦਾ ਰੋੜਾ ਸਮਝਦੇ ਨੇ..

ਕਾਰਣ ਕੋਈ ਵੀ ਹੋਵੇ ਪਰ ਜੀਵਨ ਦੇ ਇਸ ਅੰਤਿਮ ਪੜਾਅ ਵਿੱਚ ਇਨਸਾਨ ਜਿਸ ਸੁੱਖ ਦੀ ਲਾਲਸਾ ਨੂੰ ਮਨ ਵਿੱਚ ਲੈ ਕੇ ਔਲਾਦ ਨੂੰ ਜਨਮ ਦੇਂਦਾ ਹੈ, ਪਾਲਣ ਪੋਸ਼ਣ ਕਰਕੇ ਵੱਡਾ ਕਰਦਾ ਹੈ ‘ਤੇ ਸੁਚੱਜੇ ਜੀਵਨ ਲਈ ਤਿਆਰ ਕਰਦਾ ਹੈ, ਉਹੀ ਔਲਾਦ ਉਸਨੂੰ ਕਿੰਨੇ ਸਹਿਜੇ ਹੀ ‘ਬਿਰਧ ਘਰਾਂ’ ਦੇ ਦਰਵਾਜ਼ੇ ‘ਤੇ ਛੱਡ ਕੇ ਆਪ ਸੁਰਖਰੂ ਹੋ ਜਾਂਦੀ ਹੈ. ਬਿਲਕੁਲ ਉਵੇਂ ਹੀ ਜਿਵੇਂ ਮਾਲੀ ਵੱਲੋਂ ਬੀਜੇ ਗਏ ਪੌਦੇ ਜਦੋਂ ਦਰਖਤ ਬਣ ਜਾਣ ਤਾਂ ਉਹ ਆਪ ਹੀ ਮਾਲੀ ਨੂੰ ਕਹਿ ਦੇਣ ਕਿ ਜਾਹ, ਹੁਣ ਤੇਰੇ ਇਸ ਬਾਗ ਨੂੰ ਤੇਰੀ ਕੋਈ ਲੋੜ ਨਹੀਂ.

ਪਰ ਭੌਤਿਕ ਸੁੱਖਾਂ ਦੀ ਦਲਦਲ ਵਿੱਚ ਗਲੇ ਤੱਕ ਡੁੱਬੀ ਆਧੁਨਿਕ ਪੀੜ੍ਹੀ ਕੁਦਰਤ ਦੇ ਨੇਮਾਂ ਤੋਂ ਅਣਜਾਣ ਹੈ..ਸਮਾਂ ਆਪਣੀ ਗਤੀ ਨਾਲ ਚੱਲਦਾ ਹੈ.ਜੋ ਅੱਜ ਹੈ ਉਹ ਕੱਲ ਨਹੀਂ ਹੋਣਾ. ਅੱਜ ਦੇ ਜਵਾਨ ਆਉਣ ਵਾਲੇ ਕੱਲ ਦੇ ਬਜੁਰਗ ਹੋਣਗੇ.ਗੁਰਬਾਣੀ ਦੇ ਮਹਾਵਾਕ ‘ਜੇਹਾ ਬੀਜੇ ਸੋ ਲੁਣੇ ਕਰਮਾਂ ਸੰਦੜਾ ਖੇਤ’ ਅਨੁਸਾਰ ਅੱਜ ਜਿੱਥੇ ਇਹਨਾਂ ਦੇ ਮਾਂ ਬਾਪ ਹਨ ਉੱਥੇ ਕੱਲ ਇਹ ਹੋਣਗੇ. ਬਜ਼ੁਰਗ ਪਰਿਵਾਰ ਰੂਪੀ ਦਰਖਤ ਦੀਆਂ ਜੜ੍ਹਾਂ ਹੁੰਦੇ ਨੇ. ਜੜ੍ਹਾਂ ਤੋਂ ਹੀ ਕਰੂੰਬਲਾਂ, ਟਾਹਣੀਆਂ ਅਤੇ ਸੰਘਣੀ ਛਾਂ ਪੈਦਾ ਹੁੰਦੀ ਹੈ. ਜਿੰਦਗੀ ‘ਚ ਆਏ ਝੱਖੜਾਂ ਅਤੇ ਹਨੇਰੀਆਂ ਤੋਂ ਬਚਾਅ ਵੀ ਇਹ ਜੜ੍ਹਾਂ ਰੂਪੀ ਬਜੁਰਗ ਹੀ ਕਰਦੇ ਨੇ.

ਇੱਥੇ ਗਈ ਤਾਂ ਮੈਂ ਇਸ ਮੰਸ਼ਾ ਨਾਲ ਸੀ ਕਿ ਮੈਂ ਮੇਰੀ ਬੇਟੀ ਨੂੰ ਦਾਦਾ ਦਾਦੀ ‘ਤੇ ਨਾਨਾ ਨਾਨੀ ਦੀ ਗੋਦ ਦੇ ਨਿੱਘ ਤੋਂ ਜਾਣੂ ਕਰਵਾ ਸਕਾਂਗੀ ਪਰ ਉਹਨਾਂ ਬਜੁਰਗਾਂ ਦੇ ਗਲੇ ਲੱਗਣ ਤੋਂ ਬਾਅਦ ਮੈਨੂੰ ਖੁਦ ਦਾ ਵਜੂਦ ਬੌਣਾ ਲੱਗਣ ਲੱਗ ਪਿਆ.ਮੇਰੀ ਬੇਟੀ ਵਿੱਚ ਆਪਣੀਆਂ ਪੋਤਰੀਆਂ ਦੀ ਝਲਕ ਵੇਖਦੀਆਂ ਬਜੁਰਗ ਔਰਤਾਂ ਬਾਰ ਬਾਰ ਉਸਨੁੰ ਆਪਣੀ ਛਾਤੀ ਨਾਲ ਲਾਕੇ ਸ਼ਾਇਦ ਆਪਣਿਆਂ ਦੀ ਨੇੜਤਾ ਭਾਲ ਰਹੀਆਂ ਸਨ . ਉਹਨਾਂ ਦੀਆਂ ਅੱਖਾਂ ਰਾਹੀਂ ਵਗਦੀ ਉਹਨਾਂ ਦੀ ਦਰਦ ਕਹਾਣੀ ਮੇਰੇ ਦਿਲ ਨੂੰ ਵਲੂੰਧਰ ਰਹੀ ਸੀ. ਮਨ ਵਿੱਚ ਖਿਆਲ ਉੱਠਿਆ ਕਿ ਇਹਨਾਂ ਆਪਣਿਆਂ ਨੂੰ ਦੂਰ ਕਰਕੇ ਕਿਹੜਾ ਐਸਾ ਸੁੱਖ ਹੈ ਜਿਸ ਦੀ ਕਾਮਨਾ ਔਲਾਦ ਕਰਦੀ ਹੈ.

ਮੇਰੇ ਕਦਮ ਵਾਪਸ ਆਉਣ ਲਈ ਤਾਂ ਉੱਠ ਪਏ ਪਰ ਮਨ ਕਿਤੇ ਪਿੱਛੇ ਰਹਿ ਗਿਆ . ਇਹਨਾਂ ਕੋਲ ਸਿਰ ਉੱਤੇ ਛੱਤ ਹੈ, ਦੋ ਵਕਤ ਦੀ ਰੋਟੀ ਵੀ ਹੈ .ਪਰ ਉਹ ਨਹੀਂ ਜੋ ਲੋੜੀਂਦਾ ਹੈ. ਇੱਕ ਦਰਦ ਹੈ, ਆਸ ਹੈ ‘ਤੇ ਉਡੀਕ ਹੈ . ਮੁੱਖ ਦਰਵਾਜ਼ੇ ਰਾਹੀਂ ਅੰਦਰ ਆਉਣ ਵਾਲੇ ਹਰ ਸ਼ਖਸ ਵਿੱਚੋਂ ਕਿਸੇ ਆਪਣੇ ਦਾ ਚਿਹਰਾ ਲੱਭਦੇ ਨੇ ਪਰ ਨਾ ਦਿੱਸਣ ਦੀ ਸੂਰਤ ਵਿੱਚ ਮਾਯੂਸੀ ਦੀ ਘੁੰਮਣਘੇਰੀ ਨਾਲ ਜੱਦੋ ਜਹਿਦ ਕਰਨ ਲੱਗ ਪੈਂਦੇ ਨੇ. ਇੱਕ ਨਿੰਮੋਝੂਣੀ ਨਿਗਾਹ ਗਾਏ ਬਗਾਹੇ ਆਸ਼ਰਮ ਦੇ ਦਰਵਾਜ਼ੇ ਵੱਲ ਉੱਠਦੀ ਹੈ . ਬੁੱਲ੍ਹਾਂ ਉੱਤੇ ਦਿਲ ਦੀ ਅਵਾਜ਼ ਮਚਲਦੀ ਹੈ. ਅੱਖਾਂ ਵਿੱਚੋਂ ਨੀਰ ਵਗਣ ਲੱਗ ਪੈਂਦੇ ਤੇ ਝੁਰੜੀਆਂ ਦੀਆਂ ਆੜਾਂ ਵਿੱਚੋਂ ਵਗਦੇ ਹੰਝੂ ਦਿਲ ਦਾ ਦਰਦ ਸਹਿਜੇ ਹੀ ਬਿਆਨ ਕਰ ਦਿੰਦੇ ਨੇ. ਜਿਵੇਂ ਕਹਿਣਾ ਚਾਹੁੰਦੇ ਹੋਣ ਕਿ ਥੱਕ ਗਏ ਹਾਂ ਰਾਹ ਵੇਖ ਵੇਖ..

ਬੱਸ ਇੱਕ ਹੀ ਤਰਲਾ ਆਪਣੀ ਔਲਾਦ ਅੱਗੇ ਕਿ ਹੋ ਸਕੇ ਤਾਂ

‘ਆਵਾਜ਼ ਦੇ ਕੇ ਹਮੇਂ ਤੁਮ ਬੁਲਾਉ’

Email. kulvinderchawla08@gmail.com
Mob..+919256385888

This entry was posted in Miscellaneous. Bookmark the permalink.